Breaking News
Home / News / ਕੈਪਟਨ, ਬਾਦਲ, ਕੇਜਰੀਵਾਲ ਪੰਜਾਬ ਦਾ ਭਲਾ ਨਹੀਂ ਕਰ ਸਕਦੇ : ਮਾਨ

ਕੈਪਟਨ, ਬਾਦਲ, ਕੇਜਰੀਵਾਲ ਪੰਜਾਬ ਦਾ ਭਲਾ ਨਹੀਂ ਕਰ ਸਕਦੇ : ਮਾਨ

ਕੈਪਟਨ, ਬਾਦਲ, ਕੇਜਰੀਵਾਲ ਪੰਜਾਬ ਦਾ ਭਲਾ ਨਹੀਂ ਕਰ ਸਕਦੇ : ਮਾਨ

ਫ਼ਤਹਿਗੜ੍ਹ ਸਾਹਿਬ, 16 ਜੁਲਾਈ ( ) ਬਾਦਲ ਪਰਿਵਾਰ ਅਤੇ ਬਾਦਲ ਦਲ ਦੇ ਆਗੂਆਂ ਨੂੰ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਸਰਕਾਰ ਬਣਨ ਤੇ “ਭਜਾ-ਭਜਾ ਕੇ ਕੁੱਟਣ”, ਤੁੰਨ ਦੇਣ, ਜੇਲ੍ਹਾਂ ਵਿਚ ਬੰਦ ਕਰਨ ਅਤੇ ਬੰਦੇ ਬਣਾਉਣ ਦੇ ਦਿੱਤੇ ਜਾ ਰਹੇ ਬਿਆਨ ਪਬਲਿਕ ਨੂੰ ਬੁੱਧੂ ਬਣਾਉਣ ਵਾਲੇ ਅਤੇ ਆਪਣੀ ਸੋਚ ਦਾ ਜਨਾਜ਼ਾਂ ਕੱਢਣ ਵਾਲੇ ਹਨ । ਅਜਿਹੇ ਬਿਆਨਾਂ ਨਾਲ ਪੰਜਾਬ ਕਦੇ ਵੀ ਵਿਕਾਸ ਅਤੇ ਤਰੱਕੀ ਨਹੀਂ ਕਰ ਸਕਦਾ, ਸਗੋਂ ਅਜਿਹੀਆਂ ਗੱਲਾਂ ਨਾਲ ਅਫ਼ਰਾ-ਤਫ਼ਰੀ ਅਤੇ ਅਮਨ-ਸ਼ਾਂਤੀ ਭੰਗ ਹੁੰਦੀ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਪ੍ਰਗਟ ਕਰਦਿਆ ਕਹੇ । ਉਹਨਾਂ ਕਿਹਾ ਕਿ ਜਿਹੜਾ ਵੀ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਉਸ ਨੂੰ ਅਵੱਸ ਜੇਲ੍ਹ ਵੇਖਣੀ ਹੀ ਪੈਦੀ ਹੈ । ਬੇਸ਼ੱਕ ਉਹ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ । ਪਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਾਸੀਆਂ ਨੂੰ ਇਹ ਕਿਉਂ ਨਹੀਂ ਦੱਸਦੇ ਕਿ ਕਾਂਗਰਸ ਸਰਕਾਰ ਬਣਨ ਉਪਰੰਤ 1984 ਵਿਚ ਸਿੱਖ ਕੌਮ ਦੀ ਹੋਈ ਨਸ਼ਲਕੁਸੀ ਅਤੇ ਸ੍ਰੀ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ (ਆਪ੍ਰੇਸ਼ਨ ਬਲਿਊ ਸਟਾਰ) ਮੌਕੇ ਅਤੇ ਉਸ ਤੋ ਬਾਅਦ ਸਿੱਖ ਕੌਮ ਦੇ ਹੋਏ ਨੁਕਸਾਨ ਦੇ ਹੱਲ, ਦੋਸ਼ੀ ਪੁਲਿਸ ਅਤੇ ਫ਼ੌਜ ਦੇ ਅਫ਼ਸਰਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ, ਜਿੰਮੀਦਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਅਤੇ ਫ਼ਸਲਾਂ ਦੇ ਵਾਜਿਬ ਭਾਅ ਨਾ ਮਿਲਣ, ਝੋਨੇ ਅਤੇ ਕਣਕ ਦੀ ਖ਼ਰੀਦ ਸਮੇਂ ਸਹੀ ਪ੍ਰਬੰਧ ਕਰਨ, ਰੰਘਰੇਟੇ ਸਿੱਖਾਂ ਲਈ ਕਮਾਈ ਦੇ ਸਾਧਨ ਪੈਦਾ ਕਰਨ, 46 ਲੱਖ ਬੇਰੁਜ਼ਗਾਰੀ ਨੂੰ ਦੂਰ ਕਰਨ, ਸਰਕਾਰੀ ਸਕੂਲਾਂ ਵਿਚ ਫੇਲ੍ਹ ਹੋਈ ਪੜ੍ਹਾਈ-ਲਿਖਾਈ ਨੂੰ ਉੱਚ ਚੁੱਕਣ, ਕੈਂਸਰ ਅਤੇ ਹੋਰ ਬਿਮਾਰੀਆਂ ਦੇ ਇਲਾਜ ਲਈ ਗ਼ਰੀਬਾਂ ਲਈ ਮੁਫ਼ਤ ਕਰਨ, ਖੇਡ ਮੈਦਾਨ ਵਿਚੋਂ ਪੰਜਾਬ ਦਾ ਨਾਮ ਗਾਇਬ ਹੋਣਾ, ਫ਼ੌਜ ਵਿਚ ਸਿੱਖ ਕੋਟਾ ਭਰਤੀ ਖਤਮ ਹੋਣੀ, ਯੂਨੀਅਨ ਟੈਰੀਟਰੀ ਚੰਡੀਗੜ੍ਹ ਅਤੇ ਦਿੱਲੀ ਵਿਚ ਪੁਲਿਸ ਅਤੇ ਹੋਰ ਮਹਿਕਮਿਆ ਵਿਚ ਭਰਤੀ ਨਾ ਹੋਣੀ, ਟ੍ਰੈਫਿਕ ਨਿਯਮ ਤੇ ਪੁਲਿਸ ਨੂੰ ਅਨੁਸ਼ਾਸ਼ਨ ਵਿਚ ਲਿਆਉਣਾ, ਨਸਿ਼ਆਂ ਅਤੇ ਨੌਜ਼ਵਾਨੀ ਵਿਚ ਫੈਲੀਆ ਹੋਰ ਕੁਰੀਤੀਆਂ ਨੂੰ ਖ਼ਤਮ ਕਰਨਾ, ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਨੂੰ ਬਹਾਲ ਕਰਵਾਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਨੰਗਾਂ ਕਰਨਾ ਅਤੇ ਇਸ ਜੱਦੋਂ-ਜ਼ਹਿਦ ਵਿਚ ਸ਼ਹੀਦ ਹੋਏ ਸਿੱਖ ਨੌਜ਼ਵਾਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣਾ, ਗੁਰਦਾਸਪੁਰ ਵਿਚ ਸ਼ਹੀਦ ਹੋਏ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ, ਮੁਲਾਜ਼ਮ, ਵਿਦਿਆਰਥੀ ਅਤੇ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੋ ਇਲਾਵਾ ਪੰਜਾਬ ਦੀਆਂ ਲੰਮੇਂ ਸਮੇਂ ਤੋ ਲਟਕ ਰਹੀਆਂ ਉਪਰ ਦੱਸੀਆਂ ਅਤੇ ਹੋਰ ਵੀ ਅਨੇਕ ਸਮੱਸਿਆਵਾਂ ਨੂੰ ਕਿਵੇ ਹੱਲ ਕੀਤਾ ਜਾਵੇਗਾ ?
ਸ. ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਨੌਜ਼ਵਾਨੀ ਦਾ ਘਾਣ ਕਰਨ ਵਾਲੇ ਜ਼ਾਲਮ ਅਤੇ ਬੇ-ਰਹਿਮ ਪੁਲਿਸ ਅਫ਼ਸਰ ਐਸ.ਐਸ. ਵਿਰਕ ਨੂੰ ਡੀ.ਜੀ.ਪੀ. ਲਗਾਕੇ ਜ਼ੁਲਮ, ਤਸੱਦਦ ਰਾਹੀ ਆਪਣੀ ਸਤ੍ਹਾ ਨੂੰ ਕਾਇਮ ਰੱਖਿਆ ਅਤੇ ਉਹਨਾਂ ਲੀਹਾਂ ਤੇ ਹੀ ਪ੍ਰਕਾਸ਼ ਸਿੰਘ ਬਾਦਲ, ਬੀਜੇਪੀ ਹਕੂਮਤ ਨੇ ਚੱਲਦਿਆਂ ਮੁਤੱਸਵੀ ਪੁਲਿਸ ਅਫ਼ਸਰ ਸੁਮੇਧ ਸੈਣੀ ਨੂੰ ਡੀ.ਜੀ.ਪੀ. ਲਗਾਕੇ ਗੈਰ-ਕਾਨੂੰਨੀ ਅਤੇ ਜ਼ਰਾਇਮ ਪੇਸ਼ਾਂ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਹੇਠ ਬਚਾਈ ਰੱਖਿਆ । ਸੁਮੇਧ ਸੈਣੀ ਵੱਲੋਂ ਕੀਤੇ ਸਿੱਖ ਕੌਮ ਵਿਰੋਧੀ ਅੱਤਿਆਚਾਰਾਂ ਬਾਰੇ ਪਿੰਕੀ ਕੈਟ ਨੇ ਪੂਰੇ ਵੇਰਵਿਆ ਸਹਿਤ ਉਸਦੇ ਜ਼ੁਲਮਾਂ ਨੂੰ ਜੱਗ-ਜ਼ਾਹਿਰ ਕਰ ਦਿੱਤਾ ਹੈ । ਬਾਦਲ ਹਕੂਮਤ ਨੇ ਆਪਣੇ ਰਾਜਕਾਲ ਦੌਰਾਨ ਪੰਜਾਬ ਨੂੰ ਕੰਗਾਲ ਕੀਤਾ ਹੋਇਆ ਹੈ । ਪੰਜਾਬ ਅਤੇ ਸਿੱਖ ਕੌਮ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਇ ਧਾਰਮਿਕ ਆਜ਼ਾਦੀ ਨੂੰ ਖ਼ਤਮ ਕੀਤਾ ਅਤੇ ਅਫ਼ਰਾ-ਤਫ਼ਰੀ, ਕਤਲੋਗਾਰਤ, ਲੁੱਟ-ਖਸੁੱਟ, ਮਾਰਧਾੜ ਦੀਆਂ ਘਟਨਾਵਾਂ ਵਿਚ ਬੇਹਤਾਸਾ ਵਾਧਾ ਕਰਕੇ ਆਪਣੀਆਂ ਨਿੱਜੀ ਗਰਜ਼ਾਂ ਪੂਰੀਆਂ ਕੀਤੀਆਂ ਹਨ । ਇਹਨਾਂ ਉਪਰ ਦੱਸੀਆਂ ਘਟਨਾਵਾਂ ਤੋਂ ਸਪੱਸਟ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਜਮਹੂਰੀਅਤ ਨੂੰ ਪਸੰਦ ਨਹੀਂ ਕਰਦੇ । ਇਹ ਆਗੂ ਸਿਰਫ਼ ਪੁਲਿਸ ਰਾਹੀ ਜ਼ਬਰ ਕਰਕੇ ਪਬਲਿਕ ਦੀਆਂ ਵੋਟਾਂ ਬਟੋਰਕੇ ਕੁਰਸੀ ਹਥਿਆਉਣ ਤੱਕ ਸੀਮਤ ਹਨ ।
ਸ. ਮਾਨ ਨੇ ਅੱਗੇ ਕਿਹਾ ਕਿ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਅਰਵਿੰਦ ਕੇਜਰੀਵਾਲ ਜੋ ਪੰਜਾਬ ਦੀ ਕੁਰਸੀ ਨੂੰ ਪ੍ਰਾਪਤ ਕਰਨ ਲਈ ਉਤਾਵਲੇ ਹਨ, ਉਹਨਾਂ ਪਾਸ ਵੀ ਕੋਈ ਪੰਜਾਬ, ਸਿੱਖ ਕੌਮ, ਰੰਘਰੇਟੇ ਸਿੱਖ ਅਤੇ ਪੰਜਾਬੀਆਂ ਲਈ ਪ੍ਰੋਗਰਾਮ ਨਹੀਂ । ਪੰਜਾਬ ਦੇ ਸੱਭਿਆਚਾਰ, ਵਿਰਸੇ, ਧਾਰਮਿਕ ਰੀਤੀ-ਰਿਵਾਜ ਅਤੇ ਸਿੱਖ ਪ੍ਰੰਪਰਾਵਾਂ ਤੋਂ ਅਣਜਾਣ ਕੇਜਰੀਵਾਲ ਵਰਗੇ ਪੰਜਾਬ ਨੂੰ ਯੋਗ ਅਗਵਾਈ ਨਹੀਂ ਦੇ ਸਕਦੇ । ਕਿਉਂਕਿ ਕੇਜਰੀਵਾਲ ਆਰ.ਐਸ.ਐਸ. ਤੋ ਸੇਧ ਲੈਕੇ ਹਿੰਦੂਤਵ ਨੂੰ ਹੀ ਪ੍ਰਫੁੱਲਿਤ ਕਰਨਾ ਚਾਹੁੰਦੇ ਹਨ । ਇਸੇ ਤਰ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਨਾਗਪੁਰ ਤੋ ਆਏ ਹੁਕਮਾਂ ਅਨੁਸਾਰ ਹਿੰਦੂਤਵ ਅਧੀਨ ਆਪਣੀਆਂ ਗਤੀਵਿਧੀਆਂ ਕਰਦੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸ ਦੀ ਸੁਪਰੀਮੋ ਬੀਬੀ ਸੋਨੀਆਂ ਗਾਂਧੀ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਹਰ ਹਰਬਾ ਵਰਤਦੇ ਹਨ । ਫਿਰ ਪੰਜਾਬ ਦਾ ਭਲਾ ਕਿਵੇ ਹੋ ਸਕਦਾ ਹੈ ? ਕੈਪਟਨ ਅਮਰਿੰਦਰ ਸਿੰਘ ਆਪਣੇ ਬਿਆਨਾਂ ਰਾਹੀ ਬਾਦਲਾਂ ਨੂੰ ਕੁੱਟਕੇ, ਤੁੰਨਕੇ, ਜੇਲ੍ਹਾਂ ਵਿਚ ਸੁੱਟਕੇ ਆਪਣਾ ਰੰਜ (ਗੁੱਸਾ) ਤਾਂ ਪੂਰਾ ਕਰ ਸਕਦੇ ਹਨ, ਪਰ ਪੰਜਾਬ ਅਤੇ ਸਿੱਖ ਕੌਮ ਦੇ ਬਿਹਤਰੀ ਲਈ ਕੁਝ ਨਹੀਂ ਕਰ ਸਕਦੇ । ਸ. ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਅਰਵਿੰਦ ਕੇਜਰੀਵਾਲ ਆਪ੍ਰੇਸ਼ਨ ਬਲਿਊ ਸਟਾਰ ਅਤੇ ਦਿੱਲੀ ਵਿਚ ਹੋਏ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਨੂੰ ਮੁਆਵਜੇ ਦੀ ਮੰਗ ਤਾਂ ਕਰਦੇ ਹਨ, ਪਰ ਇਹ ਆਪ੍ਰੇਸ਼ਨ ਬਲਿਊ ਸਟਾਰ ਕਿਸ ਨੇ ਕਰਵਾਇਆ, ਕਿਉਂ ਕਰਵਾਇਆ ਅਤੇ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਬਾਰੇ ਚੁੱਪ ਕਿਉਂ ਹਨ? ਉਹਨਾਂ ਆਪਣੇ ਬਿਆਨ ਦੇ ਅਖੀਰ ਵਿਚ ਕਿਹਾ ਕਿ ਪੰਜਾਬ ਨਿਵਾਸੀਆਂ ਨੂੰ ਦੂਸਰਿਆਂ ਦੇ ਇਸ਼ਾਰਿਆ ਤੇ ਨੱਚਣ ਵਾਲੇ ਮੌਕਾਪ੍ਰਸਤ ਆਗੂਆਂ ਨੂੰ ਸਮਝਕੇ ਆਪਣੀ ਵੋਟ ਸ਼ਕਤੀ ਨੂੰ ਪੰਥਕ ਹਿੱਤਾ ਵਿਚ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਨਾਲ ਸੰਬੰਧਤ ਜਥੇਬੰਦੀਆਂ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *